Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵੀਡੀਓ ‘ਚ ਵੇਖੋ: ਵਿਧਾਇਕ ਚੌਧਰੀ ਦੇ ਪਿੰਡ ‘ਚ ਨਕਲੀ ਸ਼ਰਾਬ ਦੀ ਫੈਕਟਰੀ!

ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਕੀਤੇ ਵੱਡੇ ਖੁਲਾਸੇ 

ਮੇਰਾ ਨਸ਼ਾ ਤਸਕਰਾਂ ਨਾਲ ਦੂਰ ਤੱਕ ਕੋਈ ਸਬੰਧ ਨਹੀਂ: ਚੌਧਰੀ ਸੁਰਿੰਦਰ 

ਦੋਸ਼ ਸਾਬਿਤ ਕਰੇ ਅਕਾਲੀ ਦਲ ਨਹੀਂ ਤਾਂ ਕਰਾਂਗਾ ਮਾਨਹਾਨੀ ਦਾ ਕੇਸ: ਤੇਜਪਾਲ ਤੇਜੀ 

Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਨਕਲੀ ਸ਼ਰਾਬ ਦੀ ਤਸਕਰੀ ਜ਼ੋਰਾਂ ‘ਤੇ ਹੈ. ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਪਿੰਡ ਧਾਲੀਵਾਲ ਕਾਦੀਆਂ ਦੀ ਇੱਕ ਕੋਠੀ ‘ਚ ਨਕਲੀ ਸ਼ਰਾਬ ਬਣਾਉਣ ਦੇ ਰੈਕੇਟ ਦਾ ਸੀ.ਆਈ.ਏ. ਸਟਾਫ਼ ਨੇ ਪਰਦਾਫਾਸ਼ ਕੀਤਾ ਹੈ. ਇਸ ਤਸਕਰੀ ਪਿੱਛੇ ਧਾਲੀਵਾਲ ਕਾਦੀਆਂ ਦੇ ਐਨ.ਆਰ.ਆਈ. ਅਤੇ ਸੀਨੀਅਰ ਯੂਥ ਕਾਂਗਰਸੀ ਆਗੂ ਜੋਰਾਵਰ ਸਿੰਘ ਸੋਢੀ ਦਾ ਨਾਮ ਸਾਹਮਣੇ ਆਇਆ ਹੈ ਜਿਸਦੇ ਖਿਲਾਫ਼ ਥਾਣਾ ਲਾਂਬੜਾ ‘ਚ ਮਾਮਲਾ ਦਰਜ ਕਰਲਿਆ ਗਿਆ ਹੈ. 

 
ਅਕਾਲੀ ਦਲ ਦੀ ਤੱਥ ਭਰਪੂਰ ਪ੍ਰੈੱਸ ਕਾਨਫਰੰਸ :
ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਠ ਸਤਪਾਲ ਮੱਲ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ. ਉਨ੍ਹਾਂ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦੇ ਮਾਲਿਕ ਜੋਰਾਵਰ ਸਿੰਘ ਸੋਢੀ ਖ਼ਿਲਾਫ਼ ਦਰਜ ਐਫ.ਆਰ.ਆਈ. ਦੀਆਂ ਕਾਪੀਆਂ ਵੰਡੀਆਂ.
ਫੋਟੋ: ਕਰਤਾਰਪੁਰ ਮੇਲ
ਇਸੇ ਦੇ ਨਾਲ ਜੋਰਾਵਰ ਸੋਢੀ ਦੀਆਂ ਉਨ੍ਹਾਂ ਤਸਵੀਰਾਂ ਨੂੰ ਵੀ ਸਾਂਝਾ ਕੀਤਾ ਜਿਸ ‘ਚ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀਆਂ ਸੋਢੀ ਨਾਲ ਨਜ਼ਦੀਕੀਆਂ ਸਾਫ਼ ਨਜਰ ਆ ਰਹੀਆਂ ਸਨ.
ਫੋਟੋ: ਕਰਤਾਰਪੁਰ ਮੇਲ
ਅਕਾਲੀ ਦਲ ਵੱਲੋਂ ਜਾਰੀ ਇਨ੍ਹਾਂ ਤਸਵੀਰਾਂ ‘ਚੋਂ ਇਕ ਤਸਵੀਰ ‘ਚ ਸੋਢੀ ਕਾਰ ਚਲਾ ਰਿਹਾ ਹੈ ਅਤੇ ਵਿਧਾਇਕ ਚੌਧਰੀ ਸੁਰਿੰਦਰ ਕਾਰ ‘ਚ ਬੈਠੇ ਦਿਖਾਈ ਦੇ ਰਹੇ ਹਨ. ਅਕਾਲੀਆਂ ਦਾ ਦਾਅਵਾ ਹੈ ਕਿ ਕਾਰ ਨੂੰ ਪਹਾੜਾਂ ਦੀ ਸੈਰ ਲਈ ਲਿਜਾਇਆ ਗਿਆ ਸੀ. ਕੁੱਝ ਅਖਬਾਰਾਂ ਦੀਆਂ ਕਟਿੰਗਾਂ ‘ਚ ਵੀ ਸੋਢੀ ਅਤੇ ਚੌਧਰੀ ਇਕਠੇ ਦਿਖਾਈ ਦੇ ਰਹੇ ਹਨ.
ਫੋਟੋ: ਕਰਤਾਰਪੁਰ ਮੇਲ
ਇਸਤੋਂ ਇਲਾਵਾ ਚੌਧਰੀ ਦੀ ਵੱਡੀ ਤਸਵੀਰ ਨਾਲ ਅਖਬਾਰੀ ਇਸ਼ਤਿਹਾਰਾਂ ਨੂੰ ਵੀ ਸੋਢੀ ਨੇ ਪ੍ਰਕਾਸ਼ਿਤ ਕਰਵਾਇਆ ਜਿਸ ‘ਚ ਸੋਢੀ ਨੂੰ ਸੀਨੀਅਰ ਯੂਥ ਕਾਂਗਰਸੀ ਲਿਖਿਆ ਗਿਆ ਹੈ. 
ਫੋਟੋ: ਕਰਤਾਰਪੁਰ ਮੇਲ
ਤਸਵੀਰਾਂ ਤੋਂ ਇਲਾਵਾ ਅਕਾਲੀ ਦਲ ਵੱਲੋਂ ਉਸ ਵੀਡੀਓ ਨੂੰ ਜਾਰੀ ਕੀਤਾ ਗਿਆ ਜੋਕਿ ਨਕਲੀ ਸ਼ਰਾਬ ਦੀ ਫੈਕਟਰੀ ‘ਚ ਪੁਲਿਸ ਦੇ ਰੇਡ ਦੌਰਾਨ ਦੀ ਦੱਸੀ ਜਾ ਰਹੀ ਹੈ. ਵੀਡੀਓ ‘ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵੱਖ ਵੱਖ ਮਹਿੰਗੇ ਬ੍ਰਾਂਡ ਦੀ ਨਕਲੀ ਸ਼ਰਾਬ ਬਣਾਉਣ ਦਾ ਸਾਰਾ ਸਮਾਨ ਕੋਠੀ ‘ਚ ਮੌਜੂਦ ਹੈ.
 
ਪ੍ਰੈੱਸ ਕਾਨਫਰੰਸ ਦੌਰਾਨ ਸੇਠ ਸਤਪਾਲ ਮੱਲ (ਫੋਟੋ: ਕਰਤਾਰਪੁਰ ਮੇਲ)
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਮੜ੍ਹਿਆ ਕਿ ਕਰਤਾਰਪੁਰ ‘ਚ ਕਾਂਗਰਸੀ ਨਕਲੀ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਹਨ. ਉਨ੍ਹਾਂ ਕਿਹਾ ਕਿ ਖੁਦ ਡੋਪ ਟੈਸਟ ‘ਚ ਫੇਲ ਰਹਿਣ ਵਾਲੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਇਨ੍ਹਾਂ ਤਸਕਰਾਂ ਨੂੰ ਪੂਰੀ ਸ਼ਹਿ ਹੈ. ਉਨ੍ਹਾਂ ਨਾਲ ਹੀ ਦੋਸ਼ ਮੜ੍ਹਿਆ ਕਿ ਸੋਢੀ ਨਾਲ ਚੌਧਰੀ ਦੀ ਨਜਦੀਕੀ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਨਹੀਂ ਚਾਹੁੰਦੀ. 
 
ਸੇਠ ਸਤਪਾਲ ਮੱਲ ਨੇ ਕਰਤਾਰਪੁਰ ਦੇ ਕੋਂਸਲਰ ਤੇਜਪਾਲ ਤੇਜੀ ਨੂੰ ਵੀ ਲੰਮੇ ਹੱਥੀਂ ਲਿਆ ਹੈ. ਸੇਠ ਮੁਤਾਬਿਕ ਕਰਤਾਰਪੁਰ ਸ਼ਹਿਰ ਵਿਚ ਨਕਲੀ ਸ਼ਰਾਬ ਵੇਚਣ ਦਾ ਕੰਮ ਕੋਂਸਲਰ ਤੇਜਪਾਲ ਤੇਜੀ ਕਰ ਰਿਹਾ ਹੈ. ਇਲਾਕੇ ਦੀ ਪੁਲਿਸ ਸੱਤਾਧਾਰੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਕਿਸੇ ‘ਤੇ ਵੀ ਸਖਤ ਕਾਰਵਾਈ ਕਰਨ ‘ਚ ਨਾਕਾਮ ਸਿੱਧ ਹੋ ਰਹੀ ਹੈ. ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਦੀ ਸ਼ਰਾਬ ਵੀ ਫੜ੍ਹ ਹੋਈ ਸੀ ਜਿਸ ਬਾਰੇ ਅਕਾਲੀ ਦਲ ਵਲੋ ਸਬੂਤਾਂ ਸਣੇ ਪ੍ਰੈਸ ਕਾਨਫਰੰਸ ਕੀਤੀ ਗਈ ਪਰ ਕਾਂਗਰਸ ਸੱਤਾ ਦੇ ਜੋਰ ‘ਤੇ ਸਾਰੇ ਨਜਾਇਜ਼ ਧੰਦੇ ਕਰਤਾਰਪੁਰ ‘ਚ ਕਰਵਾ ਰਹੀ ਹੈ. 
 
ਸੇਠ ਸਤਪਾਲ ਮੱਲ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਇਸ ਸਾਰੇ ਨੈੱਟਵਰਕ ਨੂੰ ਇਮਾਨਦਾਰੀ ਨਾਲ ਬ੍ਰੇਕ ਨਹੀਂ ਕਰਦੀ ਅਤੇ ਕਰਤਾਰਪੁਰ ‘ਚ ਸ਼ਰੇਆਮ ਵੇਚੇ ਜਾ ਰਹੇ ਨਸ਼ੇ ਨੂੰ ਨਹੀਂ ਰੋਕ ਪਾਉਂਦੀ ਤਾਂ ਆਉਂਦੇ ਦਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ‘ਤੇ ਇਸਦਾ ਵਿਰੋਧ ਕਰਨ ਜਾ ਰਿਹਾ ਹੈ ਜੋਕਿ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ.     
ਇਸ ਮੌਕੇ ਸੇਠ ਸਤਪਾਲ ਮੱਲ ਦੇ ਨਾਲ ਗੁਰਜਿੰਦਰ ਸਿੰਘ ਭਤੀਜਾ, ਅਮਰਜੀਤ ਸਿੰਘ ਕਿਸ਼ਨਪੁਰਾ, ਨਵਨੀਤ ਸਿੰਘ ਝੀਨਾ, ਪ੍ਰਿਤਪਾਲ ਸਿੰਘ, ਸਰਦੂਲ ਸਿੰਘ ਬੂਟਾ, ਇਕਬਾਲ ਸਿੰਘ ਧਾਲੀਵਾਲ, ਭਗਵੰਤ ਸਿੰਘ ਫਤਿਹ ਜਲਾਲ, ਨਵਜੀਤ ਹੈਪੀ, ਜਸਵਿੰਦਰ ਜੱਸੜ, ਕੁਲਵਿੰਦਰ ਸਿੰਘ ਲੁੱਡੀ, ਉਪਿੰਦਰਪਾਲ ਸਿੰਘ ਮੋਨੂੰ ਆਦਿ ਹਾਜ਼ਿਰ ਸਨ. 
ਅਕਾਲੀ ਦਲ ਦੇ ਦੋਸ਼ਾਂ ‘ਤੇ ਸਪਸ਼ਟੀਕਰਨ :
ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਅਕਾਲੀ ਦਲ ਦੀ ਦੇਣ ਹੈ. ਉਨ੍ਹਾਂ ਦਾ ਨਸ਼ਾ ਤਸਕਰੀ ਨਾਲ ਦੂਰ ਦੂਰ ਤੱਕ ਦਾ ਵੀ ਵਾਸਤਾ ਨਹੀਂ ਹੈ. ਉਨ੍ਹਾਂ ਕਿਹਾ ਕਿ ਜੋਰਾਵਰ ਸੋਢੀ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਨੇ ਉਨ੍ਹਾਂ ਨਾਲ ਹੋਰਾਂ ਲੋਕਾਂ ਵਾਂਗੂ ਤਸਵੀਰਾਂ ਜਰੂਰ ਖਿਚਵਾਈਆਂ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਜੋਰਾਵਰ ਨੂੰ ਮੇਰੀ ਸ਼ਹਿ ਹੈ.
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਇੱਕ ਪੁਰਾਣੀ ਤਸਵੀਰ. (ਫੋਟੋ: ਕਰਤਾਰਪੁਰ ਮੇਲ)

ਵਿਧਾਇਕ ਚੌਧਰੀ ਨੇ ਕਿਹਾ ਕਿ ਉਹ ਨਸ਼ੇ ਦੇ ਸਖਤ ਖ਼ਿਲਾਫ਼ ਹਨ ਅਤੇ ਉਹ ਸ਼ੁਰੂ ਤੋਂ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਦੀ ਪੂਰੀ ਖੁੱਲ ਦਿੰਦੇ ਆ ਰਹੇ ਹਨ. 

ਕੋਂਸਲਰ ਤੇਜਪਾਲ ਤੇਜੀ ਦੀ ਫਾਇਲ ਫੋਟੋ. (ਕਰਤਾਰਪੁਰ ਮੇਲ)
ਕਰਤਾਰਪੁਰ ਦੇ ਵਾਰਡ ਨੰਬਰ ਤਿੰਨ ਤੋਂ ਕੋਂਸਲਰ ਤੇਜਪਾਲ ਸਿੰਘ ਤੇਜੀ ਨੇ ਕਿਹਾ ਕਿ ਸੇਠ ਸਤਪਾਲ ਮੱਲ ਵੱਲੋਂ ਮੇਰੇ ‘ਤੇ ਲਗਾਏ ਦੋਸ਼ ਨਿਰਾਧਾਰ ਹਨ. ਉਨ੍ਹਾਂ ਕਿਹਾ ਕਿ ਸੇਠ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਕਰਨ ਨਹੀਂ ਤਾਂ ਉਹ ਸੇਠ ਖ਼ਿਲਾਫ਼ ਮਾਨਹਾਨੀ ਦਾ ਕੇਸ ਕਰਣਗੇ. 
 
ਜੋਰਾਵਰ ਸੋਢੀ ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਸ਼ਿਵ ਕੁਮਾਰ (ਸੀ.ਆਈ.ਏ.) ਨੇ ਦੱਸਿਆ ਕਿ ਸੋਢੀ ਫਰਾਰ ਚੱਲ ਰਿਹਾ ਹੈ ਅਤੇ ਪੁਲਿਸ ਲਗਾਤਾਰ ਉਸਨੂੰ ਕਾਬੂ ਕਰਨ ਲਈ ਰੇਡ ਕਰ ਰਹੀ ਹੈ. ਉਨ੍ਹਾਂ ਕਿਹਾ ਕਿ ਪੁਲਿਸ ‘ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਹਨ ਅਤੇ ਉਹ ਪੂਰੀ ਸਖ਼ਤੀ ਨਾਲ ਆਪਣੀ ਕਾਰਵਾਈ ਕਰ ਰਹੇ ਹਨ. ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਜੋਰਾਵਰ ਸੋਢੀ ਨੂੰ ਪੁਲਿਸ ਗ੍ਰਿਫਤਾਰ ਕਰ ਲਵੇਗੀ. 
 
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!