Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵਿਆਹ ਪੁਰਬ ‘ਤੇ ਵਿਸ਼ੇਸ਼: ਗੁਰੂ ਤੇਗ ਬਹਾਦੁਰ ਜੀ ਦੀ ਬਾਰਾਤ ਢੁਕਣ ਤੋਂ ਮਾਤਾ ਗੁਜਰੀ ਜੀ ਦੀ ਡੋਲੀ ਵਿੱਦਿਆ ਹੋਣ ਤੱਕ ਸੰਪੂਰਨ ਇਤਿਹਾਸ 

ਗੁਰਮੁਖਿ ਵਿਆਹਣਿ ਆਇਆ ||

 
ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਨਗਰੀ, ਜਿਸ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਨੇ ਇੱਥੇ ਆਪਣੇ ਜੀਵਨ ਦੀ ਚੌਥੀ ਤੇ ਆਖਿਰੀ ਜੰਗ ਲੜੀ. ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਸ ਨਗਰੀ ਨੂੰ ਪ੍ਰਫ਼ੁਲਿੱਤ ਕਰਨ ਲਈ ਸੁੰਦਰ ਬਾਗ ਬਗੀਚੇ ਲਵਾਏ ਜਿਨ੍ਹਾਂ ਵਿੱਚੋਂ ਅੱਜ ਵੀ ਇੱਕ ਬਾਗ ਮੌਜੂਦ ਹੈ. ਜਿਸਨੂੰ ਪੱਕਾ ਬਾਗ ਕਹਿੰਦੇ ਹਨ.
ਇਸ ਨਗਰੀ ਵਿਚ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਦੋ ਸਾਹਿਬਜਾਦਿਆਂ ਦੀਆਂ ਸ਼ਾਦੀਆਂ ਹੋਈਆਂ. ਸਭ ਤੋਂ ਪਹਿਲੋਂ ਸਤਿਗੁਰ ਆਪਣੇ ਸਪੁੱਤਰ ਸ਼੍ਰੀ ਸੂਰਜਮੱਲ ਜੀ ਨੂੰ ਵਿਆਹੁਣ ਵਾਸਤੇ ਇਸ ਨਗਰੀ ਵਿਚ ਅੰਮ੍ਰਿਤਸਰ ਤੋਂ ਬਾਰਾਤ ਲੈਕੇ ਆਏ ਜਿਨ੍ਹਾਂ ਦੀ ਸ਼ਾਦੀ ਪ੍ਰੇਮ ਚੰਦ ਸਿੱਲੀ ਖੱਤਰੀ ਦੀ ਪੁੱਤਰੀ ਖੇਮ ਕੁਇਰ ਨਾਲ ਹੋਈ.
ਉਸ ਸ਼ਾਦੀ ਦੇ ਦੌਰਾਨ ਹੀ ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਲਾਲ ਚੰਦ ਅਤੇ ਬਿਸ਼ਨ ਦੇਈ ਜੀ ਦੇ ਬੇਨਤੀ ਕਰਨ ‘ਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਕੁੜਮਾਈ ਦੀ ਰਸਮ ਹੋਈ ਤੇ ਉਸਤੋਂ ਪੰਜ ਸਾਲ ਬਾਅਦ ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਕਰਤਾਰਪੁਰ ਆਏ ਤੇ ਥੰਮ੍ਹ ਸਾਹਿਬ ਵਿਖੇ ਦੀਵਾਨ ਸਜਿਆ ਤੇ ਸਾਰੀ ਕਰਤਾਰਪੁਰ ਦੀ ਸੰਗਤ ਦਰਸ਼ਨਾਂ ਵਾਸਤੇ ਹਾਜ਼ਿਰ ਹੋਈ. ਉਸ ਵੇਲ੍ਹੇ ਦੀਵਾਨ ਚ ਹਾਜਿਰ ਹੋਕੇ ਪਿਤਾ ਲਾਲ ਚੰਦ ਜੀ ਦੇ ਬੇਨਤੀ ਕਰਨ ‘ਤੇ ਵਿਆਹ ਦੀ ਤਾਰੀਖ ਸਤਿਗੁਰ ਜੀ ਨੇ ਨੀਯਤ ਕੀਤੀ. ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਅੰਦਰ ਫੱਗਣ ਦੀ ਨੌਵੀੰ ਲਿਖਿਆ ਹੈ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਵਿਆਹ ਚੇਤਰ ਦਾ ਲਿਖਿਆ ਹੈ, ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ਼ ਗੁਰੂ ਖਾਲਸਾ ਵਿਚ 15 ਅੱਸੂ ਦੀ ਦਿੱਤੀ ਹੈ. 
 
ਇਸ ਵਾਰ ਵਿਆਹ ਪੁਰਬ 4 ਅਕਤੂਬਰ 2018 ਨੂੰ ਮਨਾਇਆ ਜਾ ਰਿਹਾ ਹੈ. ਅਮ੍ਰਿਤ ਵੇਲੇ ਗੁਰੂਦਵਾਰਾ ਨਿਵਾਸ ਤੇ ਵਿਆਹ ਅਸਥਾਨ ਵਿਖੇ ਨੋ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ. ਉਸਤੋਂ ਉਪਰੰਤ ਸ੍ਰੀ ਗੁਰੂ ਅਰਜੁਨ ਦੇਵ ਜੀ ਪਬਲਿਕ ਸਕੂਲ ਵਿਖੇ 10 ਵਜੇ ਤੋਂ ਤਿੰਨ ਵਜੇ ਤੱਕ ਦੀਵਾਨ ਸੱਜਣਗੇ ਜਿੱਥੇ ਪੰਥ ਪ੍ਰਸਿੱਧ ਢਾਡੀ ਤੇ ਰਾਗੀ, ਕਥਾਵਾਚਕ ਹਾਜਰੀਆਂ ਭਰਨਗੇ. 
 
ਇਸ ਤਰ੍ਹਾਂ ਅੱਜ ਦੇ ਦਿਨ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਜੀ ਆਪਣੇ ਲਾਡਲੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਕਿਲ੍ਹੇ ਦੇ ਅੰਦਰੋਂ ਆਪਣੇ ਨਿਵਾਸ ਸਥਾਨ ਤੋਂ ਭਾਰੀ ਗੁਰਮੁਖਿ ਪਿਆਰੇ ਬਰਾਤੀਆਂ ਦੇ ਨਾਲ ਜੰਝ ਲੈ ਸ੍ਰੀ ਲਾਲ ਚੰਦ ਜੀ ਦੇ ਗ੍ਰਹਿ ਰਬਾਬੀਆਂ ਦੀ ਗਲੀ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਆਏ ਜਿੱਥੇ ਅੱਜ ਕਲ ਗੁਰੂਦੁਆਰਾ ਨਿਵਾਸ ਤੇ ਵਿਆਹ ਅਸਥਾਨ ਸੁਸ਼ੋਭਿਤ ਹੈ. 
 
ਮਿਲਣੀ ਉਪਰੰਤ ਆਨੰਦ ਕਾਰਜ ਦੀ ਰਸਮ ਸੰਪੂਰਨ ਹੋਈ ਜਿਸ ਵੇਲ੍ਹੇ ਬਰਾਤ ਵਿਦਾ ਹੋਣ ਲੱਗੀ ਤਾਂ ਪਿਤਾ ਲਾਲ ਚੰਦ ਜੀ ਨੇ ਕਿਹਾ ਕਿ ਸਾਥੋਂ ਕੁੱਝ ਬਰਾਤ ਦੀ ਸੇਵਾ ਨਹੀਂ ਹੋਈ ਤਾਂ ਸਤਿਗੁਰੁ ਜੀ ਨੇ ਕਿਹਾ ਜਿਨ੍ਹੇ ਧੀ ਦੇ ਦਿੱਤੀ ਹੋਰ ਪਿੱਛੇ ਕੀ ਰਹਿ ਗਿਆ. ਇਸ ਤਰ੍ਹਾਂ ਇਸ ਸਥਾਨ ਤੋਂ ਮਾਤਾ ਗੁਜਰੀ ਜੀ ਦੀ ਡੋਲੀ ਵਿਦਾ ਹੋਈ. 
 
ਸਰਬਤ ਸੰਗਤਾਂ ਨੂੰ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਵਿਆਹ ਪੁਰਬ ਦੀ ਲੱਖ ਵਧਾਈ ਹੋਵੇ. ਇਸ ਸਥਾਨ ‘ਤੇ ਸੰਗਤਾਂ ਸ਼ਰਧਾ ਭਾਵਨਾ ਨਾਲ ਹਾਜ਼ਰੀਆਂ ਭਰਦੀਆਂ ਹਨ ਅਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ ਹਨ. ਪਿਛਲੇ ਦਿਨਾਂ ਤੋਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜ੍ਹੀ ਚੱਲ ਰਹੀ ਹੈ ਜੋ 4 ਅਕਤੂਬਰ ਨੂੰ ਸੰਪੂਰਨ ਹੋਵੇਗੀ. ਸਥਾਨ ਦੀ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਰ ਰਹੇ ਹਨ. 
ਭਾਈ ਜੀਤ ਸਿੰਘ ਚੀਮਾ (ਹੈੱਡ ਗ੍ਰੰਥੀ, ਗੁਰੂਦੁਆਰਾ ਨਿਵਾਸ ਤੇ ਵਿਆਹ ਅਸਥਾਨ ਮਾਤਾ ਗੁਜਰੀ ਜੀ, ਕਰਤਾਰਪੁਰ- ਜਲੰਧਰ)

Advt.

Advt.

Advt.

Welcome to

Kartarpur Mail

error: Content is protected !!