Tuesday, November 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮਾਮਲਾ ਥਾਣੇਦਾਰ ਵੱਲੋਂ ਬਦਸਲੂਕੀ ਕਰਨ ਦਾ: ਨੌਜਵਾਨ ਭਾਰਤ ਸਭਾ ਵੱਲੋਂ ਕਰਤਾਰਪੁਰ ਥਾਣੇ ਅੱਗੇ ਪ੍ਰਦਰਸ਼ਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੌਜਵਾਨ ਭਾਰਤ ਸਭਾ ਦੇ ਸੱਦੇ ‘ਤੇ ਸੈਂਕੜੇ ਨੌਜਵਾਨਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਥਾਣੇਦਾਰ ਪਰਮਿੰਦਰ ਸਿੰਘ ਵੱਲੋਂ ਨੌਜਵਾਨ ਆਗੂ ਵੀਰ ਕੁਮਾਰ ਨਾਲ ਕੀਤੀ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਪ੍ਰਸਾਸ਼ਨ ਖ਼ਿਲਾਫ਼ ਧਰਨਾ ਲਗਾਇਆ। ਇਸ ਤੋਂ ਪਹਿਲਾਂ ਇਹ ਧਰਨਾਕਾਰੀ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਆਰੀਆ ਨਗਰ ਸਾਹਮਣੇ ਇਕੱਠੇ ਹੋਏ। ਜਿੱਥੋਂ ਮੁਜ਼ਾਹਰਾ ਕਰਦੇ ਹੋਏ ਉਹ ਥਾਣੇ ਅੱਗੇ ਪੁੱਜੇ ਅਤੇ ਜੋਰਦਾਰ ਨਾਅਰੇਬਾਜੀ ਕੀਤੀ।

ਇਸ ਮੌਕੇ ਸਭਾ ਦੇ ਜ਼ਿਲਾ ਕਨਵੀਨਰ ਜਸਕਰਨ ਆਜ਼ਾਦ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 25 ਜੁਲਾਈ ਨੂੰ ਥਾਣੇ ਵਿੱਚ ਥਾਣੇਦਾਰ ਪਰਮਿੰਦਰ ਸਿੰਘ ਦੀ ਹਾਜ਼ਰੀ ‘ਚ ਥਾਣੇ ਅੰਦਰ ਹੀ ਇੱਕ ਧਿਰ ਦੇ ਨੌਜਵਾਨਾਂ ਵੱਲੋਂ ਦੂਜੀ ਧਿਰ ਦੇ ਨੌਜਵਾਨਾਂ ਨਾਲ ਮਾਰਕੁਟਾਈ ਕੀਤੀ ਅਤੇ ਮੋਬਾਇਲ ਫੋਨ ਖੋਹਿਆ ਗਿਆ। ਮੌਕੇ ‘ਤੇ ਹਾਜ਼ਰ ਥਾਣੇਦਾਰ ਪਰਮਿੰਦਰ ਸਿੰਘ ਸਭ ਕੁੱਝ ਵੇਖਦਾ ਰਿਹਾ। ਮੂਕ ਦਰਸ਼ਕ ਬਣੇ ਥਾਣੇਦਾਰ ਨੂੰ ਜਦੋਂ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਆਗੂ ਵੀਰ ਕੁਮਾਰ ਵੱਲੋਂ ਇਹ ਸਭ ਕੁੱਝ ਰੋਕਣ ਅਤੇ ਦੋਸ਼ੀ ਨੌਜਵਾਨਾਂ ਖ਼ਿਲਾਫ ਕਾਰਵਾਈ ਕਰਨ ਦਾ ਕਿਹਾ ਤਾਂ ਥਾਣੇਦਾਰ ਪਰਮਿੰਦਰ ਸਿੰਘ ਨੇ ਉਸ ਨਾਲ ਹੀ ਬਦਸਲੂਕੀ ਕਰਦੇ ਹੋਏ ਉਸਨੂੰ ਜਾਤੀ ਤੌਰ ‘ਤੇ ਨੀਵਾਂ ਦਿਖਾਉਣ ਲੱਗਾ। 
ਇਸ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਉੱਪਰ ਹਾਲੇ ਤੱਕ ਕੋਈ ਕਾਰਵਾਈ ਨਾ ਕਰਕੇ ਅਤੇ ਦੋਸ਼ੀ ਥਾਣੇਦਾਰ ਨੂੰ ਬਚਾਉਣ ਲਈ ਮਾਮਲੇ ਨੂੰ ਲਟਕਾਉਣ ਖ਼ਿਲਾਫ਼ ਸਭਾ ਵੱਲੋਂ ਥਾਣੇ ਅੱਗੇ ਧਰਨਾ ਲਗਾਇਆ ਗਿਆ। ਮੌਕੇ ‘ਤੇ ਆਏ ਐਸ.ਐਚ.ਓ. ਬਲਵਿੰਦਰ ਸਿੰਘ ਜੌੜਾ ਵੱਲੋਂ ਛੇਤੀ ਹੀ ਮਾਮਲੇ ਦਾ ਹੱਲ ਕਰਕੇ ਇਨਸਾਫ ਦੁਆਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਸਮਾਪਤ ਹੋਇਆ। ਇਸ ਮੌਕੇ ਸਭਾ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਮਾਮਲੇ ਨੂੰ ਲਟਕਾਉਣ ਜਾਂ ਦੇਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਸੰਘਰਸ਼ ਤੇਜ਼ ਕੀਤਾ ਜਾਵੇਗਾ।  

error: Content is protected !!