Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਗਰ ਕੌਂਸਲ ਦੀ ਮੀਟਿੰਗ ‘ਚ ਏਜੰਡੇ ਦੇ ਸਾਰੇ ਮਤੇ ਪਾਸ, ਪੜੋ ਤੁਹਾਡੇ ਵਾਰਡ ‘ਚ ਹੋਣਗੇ ਕਿਹੜੇ ਕੰਮ ?

ਸੁਰਜਭਾਨ ਦੀ ਪ੍ਰਧਾਨਗੀ ਹੇਠ ਪਹਿਲੀ ਬੈਠਕ

ਇਲਾਕੇ ਦੀ ਬਿਹਤਰੀ ਲਈ ਜੀਅ ਤੋੜ ਮਿਹਨਤ ਜਾਰੀ: ਸੁਰਜਭਾਨ  

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰੀਬ ਢਾਈ ਸਾਲਾਂ ਬਾਅਦ ਨਗਰ ਕੌਂਸਲ ਦੇ ਬਣੇ ਪ੍ਰਧਾਨ ਸੁਰਜਭਾਨ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਕਰਤਾਰਪੁਰ ਦੀ ਮੀਟਿੰਗ ਲਗਭਗ 8 ਮਹੀਨਿਆਂ ਬਾਅਦ ਹੋਈ। ਏਜੰਡੇ ਦੇ ਸਾਰੇ ਮਤਿਆਂ (ਕੁੱਲ-20) ਨੂੰ ਹਾਊਸ ਦੀ ਪ੍ਰਵਾਨਗੀ ਮਿਲੀ। ਏਜੰਡੇ ‘ਚ ਸ਼ਾਮਿਲ ਦੂਸਰਾ ਮਤਾ ਵਿਕਾਸ ਕਾਰਜਾਂ ਦਾ ਸੀ ਜੋਕਿ 2 ਕਰੋੜ 28 ਲੱਖ 33 ਹਜ਼ਾਰ ਦੀ ਕੀਮਤ ਵਾਲਾ ਹੈ। 
 
ਵਾਟਰ ਸਪਲਾਈ ਦੀ ਮੇਟੀਨੈਂਸ ਲਈ 33.28 ਲੱਖ ਰੁਪਏ ਪੰਜਾਬ ਵਾਟਰ ਸਪਲਾਈ, 32.52 ਲੱਖ ਰੁਪਏ ਸੀਵਰੇਜ ਸਿਸਟਮ ਦੀ ਮੇਟੀਨੈਂਸ ਲਈ ਸੀਵਰੇਜ ਬੋਰਡ ਪੰਜਾਬ ਨੂੰ ਕਰਤਾਰਪੁਰ ਨਗਰ ਕੌਂਸਲ ਵੱਲੋਂ ਸਲਾਨਾ ਖਰਚੇ ਵਜੋਂ ਦੇਣ ਦੀ ਪ੍ਰਵਾਨਗੀ ਹਾਊਸ ਵੱਲੋਂ ਦਿੱਤੀ ਗਈ। ਜਦਕਿ ਅਜੇ ਵੀ ਇਲਾਕੇ ਵਿਚ 100 ਫ਼ੀਸਦ ਵਾਟਰ ਸਪਲਾਈ ਮੁਹਈਆ ਕਰਵਾਉਣ ‘ਚ ਕੌਂਸਲ ਅਸਫਲ ਰਹੀ ਹੈ ਤੇ ਸੀਵਰੇਜ ਪ੍ਰਣਾਲੀ ਦੀ ਸਥਿਤੀ ਵੀ ਕਾਫੀ ਤਰਸਯੋਗ ਹੈ। 
ਗੁਰੂ ਸਾਹਿਬ ਵੱਲੋਂ ਕੂੜੇ ਦਾ ਡੰਪ ਬੰਦ ਕਰਕੇ ਆਪਣੇ ਜਗ੍ਹਾ ਦੀ ਚਾਰਦੀਵਾਰੀ ਕਰਨ ਮਗਰੋਂ ਇਲਾਕੇ ‘ਚ ਕੂੜਾ ਸੁੱਟਣ ਲਈ ਕੋਈ ਵਾਜਬ ਸਥਾਨ ਨਹੀਂ ਰਿਹਾ। ਹਾਊਸ ‘ਚ ਨਗਰ ਕੌਂਸਲ ਦੀ ਮਾਲਕੀ ਵਾਲੀ ਜ਼ਮੀਨ ਖਰੀਦਣ ਲਈ 20 ਲੱਖ ਰੁਪਏ ਮਨਜ਼ੂਰ ਕੀਤੇ ਗਏ ਜੋਕਿ ਸ਼ਹਿਰ ਤੋਂ ਬਾਹਰਲੇ ਪਾਸੇ ਲੈਣ ਸਬੰਧੀ ਵਿਚਾਰ ਬਣਾਇਆ ਗਿਆ।
ਕੂੜਾ ਪੈਦਾ ਕਰਨ ਵਾਲੇ ਹਰ ਯੂਨਿਟ ਚਾਹੇ ਉਹ ਕਮਰਸ਼ੀਅਲ ਹੋਵੇ ਜਾਂ ਘਰ; ਉਸਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਚਾਰਜ ਲਗਾਏ ਜਾਣਗੇ। ਜੇਕਰ ਕੋਈ ਵਿਅਕਤੀ ਖਾਲੀ ਸਥਾਨ/ਪਲਾਟ ‘ਤੇ ਕੂੜਾ ਸੁੱਟਦਾ ਹੈ ਤਾਂ ਉਸਨੂੰ  ਭਾਰੀ ਜ਼ੁਰਮਾਨਾ ਲਗਾਇਆ ਜਾਵੇਗਾ। ਇਸੇ ਦੇ ਨਾਲ ਜੇਕਰ ਕਿਤੇ ਗੰਦਗੀ ਪਾਈ ਜਾਂਦੀ ਹੈ ਤਾਂ ਉਸਦਾ ਚਲਾਨ ਕੱਟਿਆ ਜਾਵੇਗਾ। ਪਹਿਲੀ ਗਲਤੀ ਤੇ 100 ਰੁਪਏ, ਦੂਜੀ ਗਲਤੀ ਕਰਨ ‘ਤੇ 200 ਰੁਪਏ, ਤੀਜੀ ਗਲਤੀ ‘ਤੇ 500 ਰੁਪਏ ਅਤੇ ਚੌਥੀ ਗਲਤੀ ਕਰਨ ‘ਤੇ ਕੋਰਟ ਕੇਸ ਕੀਤਾ ਜਾਵੇਗਾ। ਪਲਾਸਟਿਕ ਲਿਫਾਫਿਆਂ ‘ਤੇ ਪੂਰਨ ਪਾਬੰਧੀ ਸਬੰਧੀ ਮਤੇ ਨੂੰ ਵੀ ਪਾਸ ਕੀਤਾ ਗਿਆ।
ਇਸਤੋਂ ਇਲਾਵਾ ਨਗਰ ਕੌਂਸਲ ਵੱਲੋਂ ਬਸ ਅੱਡਾ ਫੀਸ ਕੁਲੈਕਸ਼ਨ ਲਈ ਖਤਮ ਹੋਏ ਠੇਕੇ ਦੀ ਰਾਖਵੀਂ ਕੀਮਤ ਨਿਰਧਾਰਤ ਕਰਨ ਸਬੰਧੀ ਰਿਪੋਰਟ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ।
ਨਗਰ ਕੌਂਸਲ ਦੇ ਪ੍ਰਧਾਨ ਸੁਰਜਭਾਨ ਨੇ ਕੌਂਸਲਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਏਜੰਡੇ ਦੇ ਸਾਰੇ ਮਤੇ ਪਾਸ ਹੋਏ. ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸ ਹੋਏ ਏਜੰਡਿਆਂ ਨੂੰ ਡਿਪਟੀ ਡਾਇਰੈਕਟਰ ਦੀ ਮਨਜ਼ੂਰੀ ਲਈ ਭੇਜਿਆ ਜਾਣਾ ਹੈ ਜਿਸਤੋਂ ਤੁਰੰਤ ਬਾਅਦ ਆਨਲਾਈਨ ਟੈਂਡਰ ਕਰਵਾਕੇ ਸਾਰੇ ਕੰਮਾਂ ਨੂੰ ਜਲਦ ਹੀ ਨੇਪਰੇ ਚਾੜਿਆ ਜਾਵੇਗਾ।
ਬੈਠਕ ‘ਚ 2 ਕੌਂਸਲਰ ਸੇਵਾ ਸਿੰਘ ਅਤੇ ਸਤਪਾਲ ਸੱਤੀ ਗੈਰ ਹਾਜ਼ਿਰ ਰਹੇ। ਇਸ ਮੌਕੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਪ੍ਰਧਾਨ ਸੁਰਜਭਾਨ, ਈ.ਓ. ਕਰਮਿੰਦਰ ਪਾਲ, ਕੌਂਸਲਰ ਪ੍ਰਿੰਸ ਅਰੋੜਾ, ਬਾਲ ਮੁਕੰਦ ਬਾਲੀ, ਸ਼ਾਮ ਸੁੰਦਰ, ਪ੍ਰਦੀਪ ਅਗਰਵਾਲ, ਤੇਜਪਾਲ ਤੇਜੀ, ਮਨਜੀਤ ਸਿੰਘ, ਜਸਵਿੰਦਰ ਨਿੱਕੂ, ਕੌਂਸਲਰ ਜਯੋਤੀ ਅਰੋੜਾ, ਅਮਰਜੀਤ ਕੌਰ, ਕੁਲਵਿੰਦਰ ਕੌਰ, ਸੀਤਾ ਰਾਣੀ, ਮੋਨਿਕਾ ਕਪੂਰ ਹਾਜ਼ਿਰ ਸਨ।
ਕੌਂਸਲਰਾਂ ਤੋਂ ਇਲਾਵਾ ਸਿਟੀ ਕਾਂਗਰਸ ਦੇ ਪ੍ਰਧਾਨ ਵੇਦ ਪ੍ਰਕਾਸ਼, ਹੀਰਾ ਲਾਲ ਖੋਸਲਾ, ਗੁਰਦੀਪ ਸਿੰਘ ਮਿੰਟੂ, ਓਂਕਾਰ ਸਿੰਘ ਮਿੱਠੂ, ਜਗਦੀਸ਼ ਜੱਗਾ, ਡਿੰਪਲ ਕਪੂਰ ਆਦਿ ਮੌਜੂਦ ਸਨ।


Welcome to

Kartarpur Mail

error: Content is protected !!