Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਦਾਣਾ ਮੰਡੀ ਦੀ ਬਦਲੇਗੀ ਨੁਹਾਰ, ਡੀ.ਸੀ. ਵੱਲੋਂ ਨਵੀਂ ਦਿਖ ਦੇਣ ਲਈ 2.34 ਕਰੋੜ ਰੁਪਏ ਦਾ ਐਲਾਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕਰਤਾਰਪੁਰ ਦੀ ਦਾਣਾ ਮੰਡੀ ਤੇ 2.34 ਕਰੋੜ ਰੁਪਏ ਖਰਚ ਕਰਕੇ ਇਸ ਨੂੰ ਇਕ ਨਵੀਂ ਦਿਖ ਦਿਤੀ ਜਾਵੇਗੀ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ 2.34 ਕਰੋੜ ਰੁਪਏ ਵਿਚੋਂ 1.14 ਕਰੋੜ ਮੇਨ ਸ਼ੈੱਡ ਤੇ ਹੇਠਾਂ ਸੀ.ਸੀ ਫਲੋਰਿੰਗ ਕਰਨ ਤੇ ਖਰਚੇ ਜਾਣਗੇ ਜਦਕਿ 92.77 ਲੱਖ ਉਸਦੇ ਦੂਸਰੇ ਖੁੱਲੇ ਪਾਸੇ ਬਣੇ ਆਕਸ਼ਨ ਪਲੇਟਫਾਰਮ ਦੀ ਸੀ.ਸੀ ਫਲੋਰਿੰਗ ਤੇ ਖਰਚੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ 26.26 ਲੱਖ ਰੁਪਏ ਦਾਣਾ ਮੰਡੀ ਦੀਆਂ ਸੜਕਾਂ ਦੀ ਮਜ਼ਬੂਤੀ ਤੇ ਰਿਪੇਅਰ ਤੇ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਮਕਸਦ ਇਸ ਦਾਣਾ ਮੰਡੀ ਨੂੰ ਹੋਰ ਵੀ ਵਿਕਸਤ ਕਰਨਾ ਹੈ ਜਿਸ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਇਸਦਾ ਫਾਇਦਾ ਮਿਲ ਸਕੇ। ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਕਿਸਾਨਾਂ ਨੂੰ ਆਪਣੀ ਜਿਨਸ ਇਸ ਮੰਡੀ ਵਿਚ ਆਸਾਨੀ ਨਾਲ ਵੇਚਣ ਵਿਚ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਥਾਰ ਵਿਚ ਰਿਪੋਰਟ ਮੰਜ਼ੂਰੀ ਲਈ ਭੇਜ ਦਿੱਤੀ ਗਈ ਹੈ ਅਤੇ ਇਸ ਪ੍ਰੋਜੈੱਕਟ ਤੇ ਕੰਮ ਕਣਕ ਦਾ ਸੀਜ਼ਨ ਮੁੱਕਣ ਉਪਰੰਤ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਨੂੰ ਨਵੀਂ ਦਿਖ ਦੇਣ ਦਾ ਕੰਮ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ ਜਿਸ ਨਾਲ ਮੰਡੀ ਦੇ ਅਰਥ ਢਾਂਚੇ ਦੇ ਵਿਕਾਸ ਵਿਚ ਇਸ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਮੁੜ ਦੁਹਰਾਇਆ ਕਿ ਸੂਬਾ ਸਰਕਾਰ ਕਿਸਾਨਾਂ ਦੀ ਹੀਤਾਇਸ਼ੀ ਹੈ ਅਤੇ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਵਰਿੰਦਰ ਖੇੜਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਟੀ.ਐਸ.ਚੋਪੜਾ ਤੇ ਹੋਰ ਵੀ ਹਾਜ਼ਰ ਸਨ।

error: Content is protected !!