Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਦੇ ਇਕ ਹੋਟਲ ‘ਚ 76 ਲੱਖ ਠੱਗਣ ਵਾਲੇ ਕਬੂਤਰਬਾਜ਼ਾਂ ਖਿਲਾਫ ਮਾਮਲਾ ਦਰਜ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਥਾਣਾ ਕਰਤਾਰਪੁਰ ਚ ਇਕ ਔਰਤ ਪਰਮਜੀਤ ਕੌਰ ਪਤਨੀ ਅਸ਼ਵਨੀ ਕੁਮਾਰ ਵਾਸੀ ਜਲੰਧਰ ਪੁਲਿਸ ਲਾਈਨ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਚਾਰ ਟ੍ਰੈਵਲ ਏਜੇਂਟਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪਰਮਜੀਤ ਕੌਰ ਅਨੁਸਾਰ ਕਿ ਉਹ ਅਮ੍ਰਿਤਸਰ ਵਿੱਚ 2 ਟ੍ਰੈਵਲ ਏਜੇਂਟਾਂ ਦਿਨੇਸ਼ ਚੋਪੜਾ ਅਤੇ ਬਲਜਿੰਦਰ ਪਾਲ ਸਿੰਘ ਕੋਲ ਕੰਮ ਕਰਦੀ ਸੀ। ਉਸਨੇ ਆਪਣੇ ਜਾਣ ਪਹਿਚਾਣ ਵਾਲੇ ਕਈ ਲੋਕਾਂ ਨੂੰ ਇਨ੍ਹਾਂ ਏਜੇਂਟਾਂ ਨਾਲ ਵਿਦੇਸ਼ ਜਾਣ ਵਾਸਤੇ ਮਿਲਵਾਇਆ ਅਤੇ ਉਨ੍ਹਾਂ ਕੋਲੋਂ ਇਨਾ ਏਜੇਂਟਾਂ ਨੂੰ ਕਰੀਬ 76 ਲੱਖ ਰੁਪਏ ਦਿਲਵਾਉਣ ਦਾ ਦਾਅਵਾ ਕੀਤਾ। ਪਰਮਜੀਤ ਕੌਰ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕਰਤਾਰਪੁਰ ਦੇ ਇਕ ਹੋਟਲ ਵਿਚ ਬਤੋਰ ਗਵਾਹ ਮਨਜੀਤ ਸਿੰਘ, ਹਰਨੇਕ ਸਿੰਘ ਅਤੇ ਗੀਤਾ ਦੀ ਹਾਜਰੀ ਵਿੱਚ ਇਨ੍ਹਾਂ ਦੇ ਪਾਸਪੋਰਟ ਅਤੇ ਨਗਦੀ ਇਨ੍ਹਾਂ ਟ੍ਰੈਵਲ ਏਜੇਂਟਾਂ ਨੂੰ ਦਿਵਾਈ ਸੀ। ਇਨਾ ਟ੍ਰੈਵਲ ਏਜੇਂਟਾਂ ਨੇ ਜਾਅਲੀ ਵੀਜ਼ਾ ਲਗਵਾ ਕੇ ਉਕਤ ਵਿਅਕਤੀਆਂ ਨਾਲ ਠੱਗੀ ਮਾਰੀ। ਸਬੰਧਿਤ ਲੋਕ ਹੁਣ ਉਸ ਕੋਲੋਂ ਪੈਸੇ ਅਤੇ ਪਾਸਪੋਰਟ ਦੀ ਮੰਗ ਕਰ ਰਹੇ ਹਨ। ਇਹ ਗਿਰੋਹ ਲੋਕਾਂ ਨੂੰ ਸਿਰਫ ਠੱਗਣ ਦਾ ਹੀ ਕੰਮ ਕਰਦਾ ਹੈ।

ਇਸਦੀ ਸ਼ਿਕਾਇਤ ਐੱਸ ਐੱਸ ਪੀ ਜਲੰਧਰ ਨੂੰ ਦਿਤੀ ਗਈ, ਜਿਸ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਏਜੇਂਟਾਂ ਕੋਲ ਉਸ ਵਲੋਂ ਜਮਾ ਕਰਵਾਏ ਗਏ 76 ਲੱਖ ਰੁਪਏ ਅਤੇ 150 ਦੇ ਕਰੀਬ ਪਾਸਪੋਰਟ ਹਨ। ਸਬੰਧਿਤ ਸ਼ਿਕਾਇਤ ਤੇ ਪੁਲਿਸ ਵਲੋਂ ਤਫਤੀਸ਼ ਕਰਵਾਈ ਗਈ। ਜਿਸ ਤੋਂ ਬਾਅਦ ਟ੍ਰੈਵਲ ਏਜੇਂਟ ਦਿਨੇਸ਼ ਚੋਪੜਾ ਪੁੱਤਰ ਸੋਹਣ ਲਾਲ ਚੋਪੜਾ ਵਾਸੀ ਨਿਊ ਗੋਲਡਨ ਅਵਨਊ, ਬਲਜਿੰਦਰ ਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਛੋਟੀ ਬਾਰਾਂਦਰੀ ਪਾਰਟ 2 ਜਲੰਧਰ, ਰਵਿੰਨ ਵਾਸੀ ਪਿੰਡ ਖਾਨਪੁਰ ਥਾਣਾ ਫਿਲੌਰ ਅਤੇ ਬਲਜੀਤ ਸਿੰਘ ਵਾਸੀ ਕੋਟਲੀ ਸਰੁੱਖਾਂ ਬੈਰੋਵਾਲ ਜਿਲ੍ਹਾ ਤਰਨਤਾਰਨ ਦੇ ਵਿਰੁੱਧ ਧਾਰਾ 406, 420, 120 ਬੀ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

error: Content is protected !!