Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਬਾਬਾ ਬਲਬੀਰ ਗਿਰੀ ਦਾ ਕਤਲ, ਸਾਹਮਣੇ ਆਈ ਮੌਤ ਤੋਂ ਪਹਿਲਾਂ ਦੀ ਵੀਡੀਓ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਸੋਮਵਾਰ ਦੀ ਸਵੇਰ ਕਤਲ ਦੀ ਖਬਰ ਨਾਲ ਚੜ੍ਹੀ। ਸਥਾਨਕ ਖਟਿੱਕਾ ਮੁਹੱਲਾ ‘ਚ ਸਥਿਤ ਮੰਦਿਰ ਬਾਬਾ ਬਾਲਕ ਨਾਥ ਜੀ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਗਿਰੀ (50) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਤਲਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਇੰਨੇ ਜ਼ਿਆਦਾ ਕੀਤੇ ਗਏ ਸਨ ਕਿ ਸਾਰਾ ਮੰਦਿਰ ਅਤੇ ਗਲੀ ‘ਚ ਖੂਨ ਹੀ ਖੂਨ ਫੈਲ ਗਿਆ। 


ਤੜਕੇ ਕਰੀਬ ਤਿੰਨ ਵਜੇ ਬਾਬਾ ਬਲਬੀਰ ਗਿਰੀ ਦੀਆਂ ਚੀਕਾਂ ਅਤੇ ਪੁਕਾਰਾਂ ਸੁਣਕੇ ਮੁਹੱਲਾ ਖਟਿੱਕਾ ਵਾਲਾ ਦੇ ਲੋਕ ਸਹਿਮੇ ਹੋਏ ਜਾਗੇ। ਜਦੋ ਵੇਖਿਆ ਤਾਂ ਬਾਬਾ ਜੀ ਮੰਦਿਰ ਦੇ ਦਰਵਾਜ਼ੇ ਅਤੇ ਗਲੀ ‘ਚ ਜ਼ਖਮੀ ਹਾਲਤ ‘ਚ ਡਿਗੇ ਪਏ ਸਨ ਅਤੇ ਉਹ ਲੋਕਾਂ ਤੋਂ ਹਸਪਤਾਲ ਲਿਜਾਉਣ ਲਈ ਮਦਦ ਮੰਗ ਰਹੇ ਸਨ। ਮੁਹੱਲਾ ਨਿਵਾਸੀਆਂ ਨੇ 108 ਦੀ ਮਦਦ ਨਾਲ ਬਲਬੀਰ ਗਿਰੀ ਨੂੰ ਜਲੰਧਰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਮ੍ਰਿਤਕ ਦੀ ਫਾਈਲ ਫੋਟੋ (ਕਰਤਾਰਪੁਰ ਮੇਲ)


ਮੌਤ ਤੋਂ ਪਹਿਲਾਂ ਬਲਬੀਰ ਗਿਰੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹੈ ਕਿ ਬਲਬੀਰ ਨੇ ਮੌਤ ਤੋਂ ਪਹਿਲਾਂ ਕਾਤਲਾਂ ਦੇ ਨਾਮ ਵੀ ਲਏ ਸਨ। ਮੁਹੱਲੇ ਦੇ ਲੋਕਾਂ ਮੁਤਾਬਕ ਜਿਸ ਕਾਤਲ ਦਾ ਉਹ ਜ਼ਿਕਰ ਕਰ ਰਹੇ ਸਨ ਉਹ ਲੰਮੇ ਸਮੇਂ ਤੋਂ ਮੰਦਿਰ ‘ਚ ਆ ਰਿਹਾ ਹੈ। ਕਤਲ ਦੇ ਸਮੇਂ ਬਲਬੀਰ ਤੋਂ ਇਲਾਵਾ ਉਨ੍ਹਾਂ ਦੇ ਇਕ-ਦੋ ਸੇਵਾਦਾਰ ਮੌਜੂਦ ਸਨ ਜਿਨ੍ਹਾਂ ‘ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਜਦਕਿ ਬਲਬੀਰ ਦਾ ਬੇਟਾ ਅਤੇ ਪਤਨੀ ਕਿਸੇ ਰਿਸ਼ਤੇਦਾਰ ਨੂੰ ਮਿਲਣ ਸਿਰਸਾ ਗਏ ਹੋਏ ਸਨ। ਪੂਰੇ ਇਲਾਕੇ ‘ਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। 

ਮੌਕੇ ਤੇ ਵਿਰਲਾਪ ਕਰਦੇ ਲੋਕ (ਕਰਤਾਰਪੁਰ ਮੇਲ)


ਉਧਰ ਪੁਲਿਸ ਵੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਈ ਹੈ। ਰਾਜਵੀਰ ਸਿੰਘ ਬੋਪਾਰਾਏ ਐਸ.ਪੀ.ਡੀ., ਡੀ.ਐਸ.ਪੀ. ਰਣਜੀਤ ਸਿੰਘ ਮੌਕੇ ਤੇ ਜਾਂਚ ਕਰ ਰਹੇ ਹਨ। ਮੁਹੱਲੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹੈ। ਦੱਸਿਆ ਜਾ ਰਿਹੈ ਕਿ ਕਤਲ ਦਾ ਕਾਰਨ ਰੰਜਿਸ਼ ਜਾਂ ਲੁੱਟ ਹੋ ਸਕਦੀ ਹੈ। ਫਿਲਹਾਲ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। 

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ (ਫੋਟੋ: ਕਰਤਾਰਪੁਰ ਮੇਲ)
error: Content is protected !!