Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰੁਣਾ ਰਸ : ਧਰਤੀ ਕਰੇ ਪੁਕਾਰ

ਧਰਤੀ ਕਰੇ ਪੁਕਾਰ ਦਾਤਿਆ, ਧਾਰ ਕੇ ਆ ਅਵਤਾਰ|

ਫੇਰ ਵੰਡ ਉਪਕਾਰ ਮੇਰੇ ਪ੍ਰਭੁ, ਆਪਣੀ ਕਿਰਪਾਧਾਰ|

ਕ੍ਰੋਧ ਅਤੇ ਹੰਕਾਰ ਦੋਵੇਂ ਫਿਰ ਹੋ ਗਏ ਲੋਹੇ ਲਾਖੇ,

ਡਰ ਤੇਰੇ ਤੇ ਖੜੀ ਮਨੁੱਖਤਾ ਦਾਤਾ ਇਹ ਗਲ੍ਹ ਆਖੇ|

ਫਿਰ ਬੰਦੇ ਨੇ ਦੀਨ ਧਰਮ ਨੂੰ ਦਿੱਤਾ ਮਨੋਂ ਵਿਸਾਰ

ਧਰਤੀ ਕਰੇ ਪੁਕਾਰ …

ਵੱਧ ਗਏ ਖੋਟ ਵਿਹਾਰਾਂ ਅੰਦਰ ਵਿਚ ਪ੍ਰੀਤਾਂ ਧੌਖੇ

ਨੇਕੀ ਦੇ ਵਲ ਘੂਰ ਘੂਰ ਕੇ ਦੇਖਣ ਕੁਫਰ ਝਰੋਖੇ

ਦਾਤਾ ਤੇਰੇ ਸੰਤ ਜਨਾਂ ਦਾ ਦਿਲ ਹੈ ਬੜਾ ਲਾਚਾਰ

ਧਰਤੀ ਕਰੇ ਪੁਕਾਰ …

ਠੱਗ ਫਿਰਦੇ ਨੇ ਸਾਧ ਜਨਾਂ ਦਾ ਦਾਤਾ ਭੇਸ ਵਟਾਕੇ

ਅਦਲ ਉੱਡ ਗਿਆ ਦੁਨੀਆਂ ‘ਚੋਂ ਲਾਲਚ ਦੇ ਪਰ ਲਾਕੇ

ਫੁੱਲਾਂ ਕੋਲੋਂ ਟਹਿਕਣ ਦਾ ਹੱਕ ਖੋਹ ਲੈਂਦੇ ਨੇ ਖਾਰ

ਧਰਤੀ ਕਰੇ ਪੁਕਾਰ …

ਧਨ ਦੀ ਖਾਤਰ ਸਜ ਵਿਆਹੀਆਂ ਦੀ ਨਿੱਤ ਹੋਵੇ ਹਾਨੀ

ਖਤਰੇ ਦੇ ਵਿਚ ਅੱਜ ਹੈ ਕੋਮਲ ਕਲੀਆਂ ਦੀ ਜਿੰਦਗਾਨੀ

ਥਾਂ ਥਾਂ ਅੱਜ ਸ਼ਰਾਫਤ ਦਾਤਾ ਰੋਵੇ ਭੁੱਬਾਂ ਮਾਰ

ਧਰਤੀ ਕਰੇ ਪੁਕਾਰ …

ਕੁੰਦ ਲੇਖਣੀ ਸਮੇਂ ਨਿਕੰਮੇ ਸੋਣੇ ‘ਚ ਮੜ੍ਹਾਈ

ਢਿੱਡੋ ਨੰਗੇ ਫਿਰਦੇ ਨੇ ਅੱਜ ਨੰਦ ਲਾਲ ਜਹੇ ਭਾਈ

ਅੱਜ ਜਰੂਰੀ ਇਹਨਾਂ ਦੇ ਵਲ੍ਹ ਦਾਤਾ ਮਾਰੀ ਝਾਤ

ਧਰਤੀ ਕਰੇ ਪੁਕਾਰ …

ਅਰਜਾਂ ਕਰਦੇ ਕਿਰਪਾ ਸਾਗਰ ਬੀਤ ਗਏ ਪਲ ਲੱਖਾਂ

ਬੈਠਾ ਰਹਿੰਦਾ ਰਾਹ ‘ਚ ਤੇਰੇ ‘ਸਮਰ’ ਵਿਛਾ ਕੇ ਅੱਖਾਂ

ਕਰਦੇ ਆਪਣੇ ਕੀਤੇ ਹੋਏ ਪੂਰੇ ਕੋਲ ਕਰਾਰ

ਧਰਤੀ ਕਰੇ ਪੁਕਾਰ ਦਾਤਿਆ, ਧਾਰ ਕੇ ਆ ਅਵਤਾਰ |

ਉਸਤਾਦ ਸਵ. ਓਮ ਪ੍ਰਕਾਸ਼ ਸਮਰ

Welcome to

Kartarpur Mail

error: Content is protected !!